ਗੁਪਤਤਾ ਸੰਬੰਧੀ (ਪਰਦੇ ਵਾਲੀ) ਜਾਣਕਾਰੀ ਇਕੱਠੀ ਕਰਨ ਬਾਰੇ ਬਿਆਨ (Privacy Collection Statement)

ਇਸ ਸਲਾਹ-ਮਸ਼ਵਰੇ ਦੌਰਾਨ, ਅਸੀਂ ਹੇਠਾਂ ਦਿੱਤੇ ਉਦੇਸ਼ਾਂ ਲਈ ਤੁਹਾਡੇ ਬਾਰੇ ਨਿੱਜੀ ਜਾਣਕਾਰੀ ਇਕੱਠੀ ਕਰਾਂਗੇ ਜੋ ਤੁਸੀਂ ਸਾਡੇ ਨਾਲ ਸਾਂਝੀ ਕਰਨਾ ਚੁਣਦੇ ਹੋ ਜਿਸ ਵਿੱਚ ਤੁਹਾਡਾ ਨਾਮ, ਸੰਸਥਾ, ਸਥਾਨ, ਫ਼ੋਨ, ਈਮੇਲ ਪਤਾ, ਲਿੰਗੀ ਪਹਿਚਾਣ, ਉਮਰ ਦੀ ਸ਼੍ਰੇਣੀ, ਪਹਿਲੀ ਭਾਸ਼ਾ, ਜਨਮ ਸਥਾਨ, ਅਪਾਹਜਤਾ ਦਾ ਦਰਜਾ, ਜਿਨਸੀ ਰੁਝਾਨ, ਅਤੇ ਟਿੱਪਣੀਆਂ ਅਤੇ ਰਾਏ ਸ਼ਾਮਲ ਹੈ:

  • ਇਹ ਸਲਾਹ-ਮਸ਼ਵਰਾ ਕਰਨ ਲਈ
  • ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ, ਗਣਿਤ ਅਤੇ ਸੰਬੰਧਿਤ ਖੇਤਰਾਂ ਵਿੱਚ ਘੱਟ ਨੁਮਾਇੰਦਗੀ ਕੀਤੇ ਜਾਣ ਵਾਲੇ ਸਮੂਹਾਂ ਦੁਆਰਾ ਸ਼ਮੂਲੀਅਤ ਕਰਨ ਵਿੱਚ ਸੱਭਿਆਚਾਰਕ ਅਤੇ ਢਾਂਚਾਗਤ ਰੁਕਾਵਟਾਂ ਦੀ ਪਛਾਣ ਅਤੇ ਮੁਲਾਂਕਣ ਕਰਨ ਲਈ
  • (ਅੰਦਰੂਨੀ ਵਿਭਾਗੀ ਰਿਪੋਰਟਿੰਗ ਸਮੇਤ) ਸੰਬੰਧਿਤ ਸਰਕਾਰੀ ਨੀਤੀਆਂ ਦੀ ਸਮੀਖਿਆ ਅਤੇ ਮੁਲਾਂਕਣ ਕਰਨ ਲਈ
  • ਇਹਨਾਂ ਮਾਮਲਿਆਂ ਬਾਰੇ ਮੁੱਖ ਭਾਗੀਦਾਰਾਂ ਅਤੇ ਜਨਤਾ ਨਾਲ ਭਵਿੱਖੀ ਸਲਾਹ-ਮਸ਼ਵਰੇ ਕਰਨ ਅਤੇ ਇਸ ਨੂੰ ਰੂਪ ਦੇਣ ਲਈ।

ਸਾਡਾ ਵਿਭਾਗ ਗੁਪਤਤਾ ਕਾਨੂੰਨ 1988 (Privacy Act 1988) (Cth) ਦੀ ਅਨੁਸੂਚੀ 1 ਵਿੱਚ ਨਿਰਧਾਰਤ ਆਸਟ੍ਰੇਲੀਆਈ ਗੁਪਤਤਾ ਸਿਧਾਂਤਾਂ (Australian Privacy Principles) ਦੁਆਰਾ ਪਾਬੰਦ ਹੈ। ਗੁਪਤਤਾ ਕਾਨੂੰਨ ਨਿਯੰਤ੍ਰਿਤ ਕਰਦਾ ਹੈ ਕਿ ਅਸੀਂ ਨਿੱਜੀ ਜਾਣਕਾਰੀ ਨੂੰ ਕਿਵੇਂ ਇਕੱਠਾ ਕਰ ਸਕਦੇ ਹਾਂ, ਵਰਤ ਸਕਦੇ ਹਾਂ, ਖੁਲਾਸਾ ਕਰ ਸਕਦੇ ਹਾਂ ਅਤੇ ਸੰਭਾਲ ਕੇ ਰੱਖ ਸਕਦੇ ਹਾਂ। ਅਸੀਂ ਆਰਕਾਈਵਜ਼ ਐਕਟ 1983 (Archives Act 1983)(Cth) ਦੇ ਅਨੁਸਾਰ ਨਿੱਜੀ ਜਾਣਕਾਰੀ ਵੀ ਰੱਖਦੇ ਹਾਂ।

ਅਸੀਂ ਇਸ ਸਲਾਹ-ਮਸ਼ਵਰੇ ਦੀ ਸੇਵਾ ਅਤੇ ਵੈੱਬਸਾਈਟ ਪ੍ਰਦਾਨ ਕਰਨ ਲਈ Converlens Pty Ltd ਦੁਆਰਾ ਪ੍ਰਦਾਨ ਕੀਤੀ ਜਾਂਦੀ ਤਕਨਾਲੋਜੀ ਦੀ ਵਰਤੋਂ ਕਰਦੇ ਹਾਂ। Converlens ਗੁਪਤਤਾ ਕਾਨੂੰਨ (Privacy Act) ਦੀ ਪਾਲਣਾ ਕਰਦਾ ਹੈ ਅਤੇ ਆਸਟ੍ਰੇਲੀਆ ਵਿੱਚ ਡਾਟਾ ਨੂੰ ਸੁਰੱਖਿਅਤ ਢੰਗ ਨਾਲ ਸਟੋਰ ਕਰਦਾ ਹੈ। Converlens ਸਿਰਫ਼ ਉਹਨਾਂ ਨਾਲ ਹੋਏ ਸਾਡੇ ਸਮਝੌਤੇ ਦੀਆਂ ਸ਼ਰਤਾਂ ਦੇ ਅਨੁਸਾਰ ਹੀ ਜਾਣਕਾਰੀ ਇਕੱਠੀ, ਵਰਤੋਂ, ਖੁਲਾਸਾ ਜਾਂ ਸਟੋਰ ਕਰ ਸਕਦਾ ਹੈ।

ਤੁਹਾਡੀ ਨਿੱਜੀ ਜਾਣਕਾਰੀ ਵਿਭਾਗੀ ਸਟਾਫ਼, ਸੰਬੰਧਿਤ ਮੰਤਰੀਆਂ, ਸੰਸਦੀ ਕਮੇਟੀਆਂ, ਮੁੱਖ ਵਿਗਿਆਨੀ ਦੇ ਦਫ਼ਤਰ, ਅਤੇ ਇਸ ਵਿਭਾਗ ਦੁਆਰਾ ਸੇਵਾਵਾਂ ਲੈਣ ਲਈ ਨਿਯੁਕਤ ਕੀਤੇ ਬਾਹਰੀ ਮਾਹਿਰਾਂ ਨੂੰ ਉੱਪਰ ਦੱਸੇ ਉਦੇਸ਼ਾਂ ਲਈ ਖੁਲਾਸਾ ਕੀਤੀ ਜਾ ਸਕਦੀ ਹੈ। ਅਸੀਂ ਤੁਹਾਡੀ ਸਹਿਮਤੀ ਤੋਂ ਬਿਨ੍ਹਾਂ ਨਿੱਜੀ ਜਾਣਕਾਰੀ ਦੀ ਵਰਤੋਂ ਜਾਂ ਖੁਲਾਸਾ ਨਹੀਂ ਕਰਾਂਗੇ, ਸਿਵਾਏ ਉਸ ਗੱਲ ਦੇ ਜਿੱਥੇ ਇਹ ਕਾਨੂੰਨ ਦੁਆਰਾ ਅਧਿਕਾਰਤ ਜਾਂ ਲੋੜੀਂਦਾ ਹੈ।

ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਸਾਡੇ ਵਿਭਾਗ ਦੀ ਗੁਪਤਤਾ ਨੀਤੀ ਜਾਂ Converlens ਦੀ ਗੁਪਤਤਾ ਨੀਤੀ ਵੇਖੋ।

ਅਸੀਂ ਇਨ੍ਹਾਂ ਗੱਲਾਂ ਲਈ ਤੁਹਾਡੇ ਨਾਲ ਸੰਪਰਕ ਕਰਨ ਲਈ ਵੀ ਤੁਹਾਡੀ ਨਿੱਜੀ ਜਾਣਕਾਰੀ ਦੀ ਵਰਤੋਂ ਕਰ ਸਕਦੇ ਹਾਂ:

  • ਤੁਹਾਡੇ ਦੁਆਰਾ ਪ੍ਰਦਾਨ ਕੀਤੀ ਗਈ ਫੀਡਬੈਕ ਅਤੇ ਟਿੱਪਣੀਆਂ ਨੂੰ ਸਪੱਸ਼ਟ ਕਰਨ ਲਈ
  • ਤੁਹਾਡੇ ਨਾਲ ਸੰਪਰਕ ਕਰਨ ਲਈ ਜੇਕਰ ਤੁਸੀਂ ਸੰਕੇਤ ਦਿੱਤਾ ਹੈ ਕਿ ਤੁਹਾਡੇ ਕੋਲ ਦੇਣ ਲਈ ਹੋਰ ਜਾਣਕਾਰੀ (ਇਨਪੁਟ) ਹੋ ਸਕਦੀ ਹੈ
  • ਇਸ ਸਲਾਹ-ਮਸ਼ਵਰੇ ਦੀ ਪ੍ਰਕਿਰਿਆ ਨਾਲ ਤੁਹਾਡੀ ਸ਼ਮੂਲੀਅਤ ਨੂੰ ਸਮਝਣ ਲਈ।

ਜੇਕਰ ਤੁਹਾਨੂੰ ਤੁਹਾਡੇ ਵੱਲੋਂ ਜਮ੍ਹਾਂ ਕੀਤੀ ਜਾ ਰਹੀ ਜਾਣਕਾਰੀ (ਸਬਮਿਸ਼ਨ) ਵਿੱਚ ਕਿਸੇ ਹੋਰ ਵਿਅਕਤੀ ਬਾਰੇ ਨਿੱਜੀ ਜਾਣਕਾਰੀ ਸ਼ਾਮਲ ਕਰਨ ਦੀ ਲੋੜ ਹੈ, ਤਾਂ ਤੁਹਾਨੂੰ ਉਸ ਵਿਅਕਤੀ ਨੂੰ ਇਸ ਬਿਆਨ ਦੀ ਸਮੱਗਰੀ ਬਾਰੇ ਸੂਚਿਤ ਕਰਨ ਅਤੇ ਉਹਨਾਂ ਦੀ ਨਿੱਜੀ ਜਾਣਕਾਰੀ ਇਕੱਠੀ ਕਰਨ ਲਈ ਉਹਨਾਂ ਦੀ ਸਹਿਮਤੀ ਪ੍ਰਾਪਤ ਕਰਨ ਦੀ ਲੋੜ ਹੋਵੇਗੀ।

ਮਹੱਤਵਪੂਰਨ: ਜੇਕਰ ਤੁਹਾਡੀ ਉਮਰ 15 ਸਾਲ ਤੋਂ ਘੱਟ ਹੈ, ਤਾਂ ਕਿਰਪਾ ਕਰਕੇ ਆਪਣੇ ਵੱਲੋਂ ਜਮ੍ਹਾਂ ਕੀਤੀ ਜਾ ਰਹੀ ਜਾਣਕਾਰੀ (ਸਬਮਿਸ਼ਨ) ਵਿੱਚ ਕੋਈ ਵੀ ਸੰਵੇਦਨਸ਼ੀਲ ਨਿੱਜੀ ਜਾਣਕਾਰੀ ਨਾ ਪ੍ਰਦਾਨ ਕਰੋ। ਤੁਹਾਡੀ ਸੰਵੇਦਨਸ਼ੀਲ ਨਿੱਜੀ ਜਾਣਕਾਰੀ ਦੀਆਂ ਉਦਾਹਰਨਾਂ ਵਿੱਚ ਇਹ ਸ਼ਾਮਿਲ ਹੋ ਸਕਦੀਆਂ ਹਨ:

  • ਤੁਹਾਡਾ ਨਸਲੀ ਜਾਂ ਸੱਭਿਆਚਾਰਕ ਮੂਲ
  • ਤੁਹਾਡੇ ਸਿਆਸੀ ਵਿਚਾਰ ਜਾਂ ਮੈਂਬਰਸ਼ਿਪਾਂ
  • ਤੁਹਾਡੇ ਧਾਰਮਿਕ ਜਾਂ ਦਾਰਸ਼ਨਿਕ ਵਿਸ਼ਵਾਸ
  • ਤੁਹਾਡੀ ਯੂਨੀਅਨ ਮੈਂਬਰਸ਼ਿਪ
  • ਤੁਹਾਡਾ ਜਿਨਸੀ ਰੁਝਾਨ
  • ਤੁਹਾਡਾ ਅਪਰਾਧਿਕ ਰਿਕਾਰਡ
  • ਤੁਹਾਡੀ ਸਿਹਤ ਜਾਂ ਡਾਕਟਰੀ ਸਥਿਤੀਆਂ

ਜੇਕਰ ਤੁਸੀਂ 15 ਸਾਲ ਤੋਂ ਘੱਟ ਉਮਰ ਦੇ ਹੋ ਅਤੇ ਤੁਹਾਡੇ ਵੱਲੋਂ ਜਮ੍ਹਾਂ ਕੀਤੀ ਜਾ ਰਹੀ ਜਾਣਕਾਰੀ (ਸਬਮਿਸ਼ਨ) ਵਿੱਚ ਤੁਹਾਡੀ ਸੰਵੇਦਨਸ਼ੀਲ ਨਿੱਜੀ ਜਾਣਕਾਰੀ ਸ਼ਾਮਲ ਕਰਦੇ ਹੋ, ਜਾਂ ਤੁਹਾਡੇ ਵੱਲੋਂ ਜਮ੍ਹਾਂ ਕੀਤੀ ਜਾ ਰਹੀ ਜਾਣਕਾਰੀ (ਸਬਮਿਸ਼ਨ) ਵਿੱਚ 15 ਸਾਲ ਤੋਂ ਘੱਟ ਉਮਰ ਦੇ ਕਿਸੇ ਹੋਰ ਵਿਅਕਤੀ ਦੀ ਸੰਵੇਦਨਸ਼ੀਲ ਨਿੱਜੀ ਜਾਣਕਾਰੀ ਸ਼ਾਮਲ ਕਰਦੇ ਹੋ, ਤਾਂ ਇਹ ਜਾਣਕਾਰੀ ਤੁਹਾਡੇ ਵੱਲੋਂ ਜਮ੍ਹਾਂ ਕੀਤੀ ਜਾ ਰਹੀ ਜਾਣਕਾਰੀ (ਸਬਮਿਸ਼ਨ) ਵਿੱਚੋਂ ਕੱਢ/ਸੋਧ ਦਿੱਤੀ ਜਾਵੇਗੀ। ਅਸੀਂ ਕਿਸੇ ਵੀ ਉਦੇਸ਼ ਲਈ ਇਸ ਜਾਣਕਾਰੀ ਦੀ ਵਰਤੋਂ ਜਾਂ ਇਸਦਾ ਖੁਲਾਸਾ ਨਹੀਂ ਕਰਾਂਗੇ।

ਗੁਪਤਤਾ

ਅਸੀਂ ਇਸ ਸਲਾਹ-ਮਸ਼ਵਰੇ ਦੇ ਜਵਾਬਾਂ ਨੂੰ ਪੂਰੇ ਜਾਂ ਅੰਸ਼ਕ ਰੂਪ ਵਿੱਚ ਪ੍ਰਕਾਸ਼ਿਤ ਕਰ ਸਕਦੇ ਹਾਂ (ਉਦਾਹਰਨ ਲਈ, ਸਾਰ-ਅੰਸ਼ ਜਾਂ ਹਵਾਲੇ ਵਜੋਂ)। ਤੁਸੀਂ ਗੁਪਤ ਜਵਾਬ ਦੇਣ ਦੀ ਵੀ ਚੋਣ ਕਰ ਸਕਦੇ ਹੋ, ਜਿਸਦਾ ਮਤਲਬ ਹੈ ਕਿ ਤੁਹਾਡੇ ਜਵਾਬ ਦਾ ਕੋਈ ਵੀ ਹਿੱਸਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ।

ਤੁਹਾਡੀ ਸਬਮਿਸ਼ਨ ਨੂੰ ਪ੍ਰਕਾਸ਼ਿਤ ਕਰਨ ਲਈ ਵਿਕਲਪ

ਜਨਤਕ

ਜੇਕਰ ਤੁਸੀਂ ਜਨਤਕ ਸਬਮਿਸ਼ਨ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਕੋਈ ਪ੍ਰਕਾਸ਼ਿਤ ਹੋਣ ਵਾਲਾ ਨਾਮ ਚੁਣ ਸਕਦੇ ਹੋ ਜੋ ਸਾਡੀ ਵੈੱਬਸਾਈਟ 'ਤੇ ਤੁਹਾਡੇ ਜਵਾਬ ਦੇ ਨਾਲ ਦਿਖਾਈ ਦੇਵੇਗਾ। ਇਹ ਤੁਹਾਡਾ ਨਾਮ ਜਾਂ ਤੁਹਾਡੀ ਸੰਸਥਾ ਦਾ ਨਾਮ ਹੋ ਸਕਦਾ ਹੈ।

ਜਨਤਕ ਅਤੇ ਅਗਿਆਤ

ਜੇਕਰ ਤੁਸੀਂ ਆਪਣੇ ਜਵਾਬ ਨੂੰ ਅਗਿਆਤ ਰੱਖਣ ਨੂੰ ਪਹਿਲ ਦਿੰਦੇ ਹੋ ਅਤੇ ਤੁਸੀਂ ਆਪਣਾ ਜਵਾਬ ਕੇਵਲ ਲਿਖਤੀ ਰੂਪ ਵਿੱਚ ਦੇ ਰਹੇ ਹੋ, ਤਾਂ ਤੁਹਾਡਾ ਜਵਾਬ ਵੈੱਬਸਾਈਟ 'ਤੇ ਬੇਨਾਮ ਵਜੋਂ ਪ੍ਰਦਰਸ਼ਿਤ ਹੋਵੇਗਾ। ਤੁਹਾਡਾ ਨਾਮ ਅਤੇ/ਜਾਂ ਸੰਸਥਾ ਵੈੱਬਸਾਈਟ 'ਤੇ ਦਿਖਾਈ ਨਹੀਂ ਦੇਵੇਗੀ।

ਜੇਕਰ ਤੁਸੀਂ ਵੀਡੀਓ, ਆਡੀਓ ਜਾਂ ਫ਼ੋਟੋਗ੍ਰਾਫੀ ਦੇ ਨਾਲ ਜਮ੍ਹਾਂ ਕਰ ਰਹੇ ਹੋ ਅਤੇ ਅਗਿਆਤ ਰਹਿਣਾ ਚਾਹੁੰਦੇ ਹੋ, ਤਾਂ ਤੁਹਾਡਾ ਜਵਾਬ ਗੁਪਤ ਰੱਖਿਆ ਜਾਵੇਗਾ। ਇਸ ਨੂੰ ਵੈੱਬਸਾਈਟ 'ਤੇ ਜਨਤਕ ਤੌਰ 'ਤੇ ਪ੍ਰਦਰਸ਼ਿਤ ਨਹੀਂ ਕੀਤਾ ਜਾਵੇਗਾ।

ਪ੍ਰਾਈਵੇਟ (ਨਿੱਜੀ)

ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਜਵਾਬ ਨਿੱਜੀ ਅਤੇ ਗੁਪਤ ਰਹੇ, ਤਾਂ ਤੁਹਾਡਾ ਜਵਾਬ ਵੈੱਬਸਾਈਟ 'ਤੇ ਜਨਤਕ ਤੌਰ 'ਤੇ ਪ੍ਰਦਰਸ਼ਿਤ ਨਹੀਂ ਕੀਤਾ ਜਾਵੇਗਾ।

STEM ਵਿੱਚ ਵਿਭਿੰਨਤਾ ਲਈ ਮਾਰਗ ਦੀ ਸਮੀਖਿਆ ਵਾਲੇ ਸਲਾਹ-ਮਸ਼ਵਰੇ ਦੀ ਸੰਖੇਪ ਜਾਣਕਾਰੀ ਅਤੇ ਸਵਾਲ

ਇਸ 'ਡਾਇਲਾਗ ਸਟਾਰਟਰ' (ਸੰਵਾਦ ਸ਼ੁਰੂ ਕਰਤਾ) ਦਸਤਾਵੇਜ਼ ਦਾ ਉਦੇਸ਼ ਬਹੁਤ ਸਾਰੇ ਲੋਕਾਂ ਅਤੇ ਸੰਸਥਾਵਾਂ ਨੂੰ STEM ਪ੍ਰਣਾਲੀ ਦੇ ਆਪਣੇ ਅਨੁਭਵਾਂ ਨੂੰ ਸਾਂਝਾ ਕਰਨ ਲਈ ਉਤਸ਼ਾਹਿਤ ਕਰਨਾ ਹੈ। ਇਹ ਇੱਕ ਗ਼ੈਰ-ਮਿਆਰੀ ਪੇਪਰ ਹੈ ਜੋ ਗ਼ੈਰ-ਮਿਆਰੀ ਜਵਾਬਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦਾ ਹੈ ਜੋ STEM ਪ੍ਰਣਾਲੀ ਵਿੱਚ ਲੋੜੀਂਦੀਆਂ ਸੱਭਿਆਚਾਰਕ ਅਤੇ ਢਾਂਚਾਗਤ ਤਬਦੀਲੀਆਂ ਨੂੰ ਸੱਪਸ਼ਟ ਤੌਰ 'ਤੇ ਉਜਾਗਰ ਕਰਦੇ ਹਨ।

STEM ਵਿੱਚ ਵਿਭਿੰਨਤਾ ਲਈ ਖ਼ੁਦਮੁਖ਼ਤਿਆਰ ਸਮੀਖਿਆ ਪੈਨਲ, ਜੋ ਕਿ ਆਸਟ੍ਰੇਲੀਆ ਦੀ ਸਰਕਾਰ ਦੁਆਰਾ ਸਥਾਪਿਤ ਕੀਤਾ ਗਿਆ ਹੈ, ਉਹਨਾਂ ਵਿਅਕਤੀਆਂ ਅਤੇ ਸੰਸਥਾਵਾਂ ਦੋਵਾਂ ਤੋਂ ਵਿਚਾਰ ਪ੍ਰਾਪਤ ਕਰਨ ਦੀ ਉਮੀਦ ਕਰਦਾ ਹੈ ਜੋ ਹੱਲ ਅਤੇ ਮੌਕਿਆਂ ਦੇ ਨਾਲ ਉਹਨਾਂ ਰੁਕਾਵਟਾਂ ਦੀ ਪਛਾਣ ਕਰਦੇ ਹਨ ਜੋ ਉਹਨਾਂ ਨੂੰ STEM ਪ੍ਰਣਾਲੀ ਵਿੱਚ ਆਈਆਂ ਹਨ। ਇਹ ਕਹਾਣੀਆਂ ਅਤੇ ਦ੍ਰਿਸ਼ਟੀਕੋਣ ਇਸ ਪੈਨਲ ਨੂੰ ਇਸ ਬਾਰੇ ਕੀਮਤੀ ਜਾਣਕਾਰੀ ਅਤੇ ਵਧੇਰੇ ਸਮਝ ਪ੍ਰਦਾਨ ਕਰਨਗੇ ਕਿ ਇਸ ਵਿਆਪਕ STEM ਪ੍ਰਣਾਲੀ ਵਿੱਚ ਬਦਲਾਅ ਕਿਵੇਂ ਕੀਤਾ ਜਾ ਸਕਦਾ ਹੈ।

ਇਹ ਪੈਨਲ ਤੁਹਾਨੂੰ ਕਿਸੇ ਵੀ ਉਸ ਸੰਬੰਧਿਤ ਖੋਜ ਨੂੰ ਉਨ੍ਹਾਂ ਨਾਲ ਸਾਂਝਾ ਕਰਨ ਲਈ ਵੀ ਸੱਦਾ ਦਿੰਦਾ ਹੈ ਜਿਸ ਵਿੱਚ ਤੁਸੀਂ ਜਾਂ ਤੁਹਾਡੀ ਸੰਸਥਾ ਨੇ ਯੋਗਦਾਨ ਪਾਇਆ ਹੋ ਸਕਦਾ ਹੈ, ਜਾਂ ਇਸ ਬਾਰੇ ਜਾਣੂ ਹੋ, ਜੋ ਇਸਦੀ ਸਮੀਖਿਆ ਵਿੱਚ ਸਹਾਇਤਾ ਕਰ ਸਕਦੀ ਹੈ। ਅਸੀਂ ਵਿਸ਼ੇਸ਼ ਤੌਰ 'ਤੇ ਸਬੂਤਾਂ ਵਿੱਚ ਦਿਲਚਸਪੀ ਰੱਖਦੇ ਹਾਂ ਜੋ STEM ਵਿੱਚ ਵਧ ਰਹੀ ਵਿਭਿੰਨਤਾ ਨਾਲ ਸੰਬੰਧਿਤ ਅਸਲ ਪ੍ਰਭਾਵ ਅਤੇ ਬਦਲਾਅ ਨੂੰ ਦਿਖਾਉਂਦੇ ਹਨ।

ਅਸੀਂ ਪ੍ਰਦਾਨ ਕੀਤੀ ਗਈ ਜਾਣਕਾਰੀ 'ਤੇ ਵਿਚਾਰ ਕਰਾਂਗੇ ਅਤੇ ਫਿਰ ਔਨਲਾਈਨ ਅਤੇ ਵਰਕਸ਼ਾਪਾਂ ਰਾਹੀਂ ਅੱਗੇ ਹੋਰ ਸ਼ਮੂਲੀਅਤ ਕਰਾਂਗੇ। 

ਇਹ ਵਿਸ਼ੇਸ਼ ਤੌਰ 'ਤੇ ਸਾਡੀਆਂ ਹਵਾਲੇ ਦੀਆਂ ਸ਼ਰਤਾਂ (Terms of Reference) ਦੇ ਇਹਨਾਂ ਹਿੱਸਿਆਂ ਨੂੰ ਹੱਲ ਕਰਨ ਵਿੱਚ ਸਾਡੀ ਮੱਦਦ ਕਰੇਗਾ:

  • ਸੱਭਿਆਚਾਰਕ ਅਤੇ ਢਾਂਚਾਗਤ ਰੁਕਾਵਟਾਂ ਜੋ STEM ਪੇਸ਼ਿਆਂ ਵਿੱਚ ਔਰਤਾਂ ਅਤੇ ਹੋਰ ਇਤਿਹਾਸਕ ਤੌਰ 'ਤੇ ਘੱਟ ਨੁਮਾਇੰਦਗੀ ਵਾਲੇ ਸਮੂਹਾਂ ਦੀ ਭਾਗੀਦਾਰੀ ਅਤੇ ਬਰਕਰਾਰਤਾ ਨੂੰ ਸੀਮਤ ਕਰਦੀਆਂ ਹਨ
  • ਘੱਟ ਨੁਮਾਇੰਦਗੀ ਵਾਲੇ ਸਮੂਹਾਂ ਦੇ ਲੋਕਾਂ 'ਤੇ ਧਿਆਨ-ਕੇਂਦਰਿਤ ਕਰਦੇ ਹੋਏ STEM ਵਿੱਚ ਪਹਿਲਾਂ ਨਾਲੋਂ ਜ਼ਿਆਦਾ ਅਤੇ ਵਧੇਰੇ ਸੂਖ਼ਮ ਸ਼ਮੂਲੀਅਤ ਅਤੇ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਅਤੇ ਸਮਰਥਨ ਦੇਣ ਲਈ ਵਿਆਪਕ ਪ੍ਰੋਗਰਾਮ ਅਤੇ ਨੀਤੀਗਤ ਉਪਾਅ
  • STEM ਸੈਕਟਰ ਵਿੱਚ ਵਿਭਿੰਨਤਾ ਭਰੀ ਲੀਡਰਸ਼ਿਪ ਨੂੰ ਆਕਰਸ਼ਿਤ ਕਰਨ, ਉਤਸ਼ਾਹਿਤ ਕਰਨ, ਬਰਕਰਾਰ ਰੱਖਣ ਅਤੇ ਸਮਰਥਨ ਕਰਨ ਦੇ ਮੌਕੇ।

ਅਸੀਂ ਸਰਕਾਰ ਦੇ STEM ਵਿੱਚ ਔਰਤਾਂ ਪ੍ਰੋਗਰਾਮਾਂ ਦੇ ਇੱਕ ਖੁਦਮੁਖਤਿਆਰ ਇਕਾਈ ਵੱਲੋਂ ਕੀਤੇ ਗਏ ਮੁਲਾਂਕਣ ਦੇ ਨਤੀਜਿਆਂ, ਹੋਰ ਸੰਬੰਧਿਤ ਪ੍ਰੋਗਰਾਮਾਂ ਦੀ ਸਮੀਖਿਆ, ਅਤੇ ਖੋਜ 'ਤੇ ਵੀ ਵਿਚਾਰ ਕਰਾਂਗੇ ਜਿਸ ਵਿੱਚ STEM ਵਿੱਚ ਔਰਤਾਂ ਦੀ ਰਾਜਦੂਤ, ਪ੍ਰੋਫ਼ੈਸਰ ਲੀਜ਼ਾ ਹਾਰਵੇ-ਸਮਿੱਥ ਦੁਆਰਾ ਕੀਤੇ ਖੋਜ ਨਤੀਜੇ ਵੀ ਸ਼ਾਮਿਲ ਹਨ।

ਅਸੀਂ ਫੀਡਬੈਕ ਲਈ ਸਾਲ 2023 ਦੇ ਅੱਧ ਵਿੱਚ ਖਰੜਾ (ਡਰਾਫਟ) ਸਿਫ਼ਾਰਸ਼ਾਂ ਪ੍ਰਕਾਸ਼ਿਤ ਕਰਾਂਗੇ।

ਅਸੀਂ ਅਕਤੂਬਰ 2023 ਵਿੱਚ ਆਸਟ੍ਰੇਲੀਆਈ ਸਰਕਾਰ ਨੂੰ ਇੱਕ ਰਿਪੋਰਟ ਦੇ ਰੂਪ ਵਿੱਚ ਅੰਤਿਮ ਸਿਫ਼ਾਰਸ਼ਾਂ ਪ੍ਰਦਾਨ ਕਰਾਂਗੇ।

STEM ਕੀ ਹੈ?

ਅਸੀਂ ਸੋਚਦੇ ਹਾਂ ਕਿ 'ਵਿਗਿਆਨ, ਟੈਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ' ਸ਼ਬਦਾਂ ਤੋਂ ਉੱਪਰ ਉੱਠ ਕੇ, STEM ਬਾਰੇ ਇੱਕ ਵਿਆਪਕ ਦ੍ਰਿਸ਼ਟੀਕੋਣ ਰੱਖਣਾ ਮਹੱਤਵਪੂਰਨ ਹੈ। ਜਦੋਂ ਅਸੀਂ STEM ਬਾਰੇ ਗੱਲ ਕਰਦੇ ਹਾਂ, ਤਾਂ ਸਾਡਾ ਭਾਵ ਹੁੰਦਾ ਹੈ:

  • ਉਨ੍ਹਾਂ ਕਈ ਤਰੀਕਿਆਂ ਤੋਂ ਜਿੰਨ੍ਹਾਂ ਰਾਹੀਂ ਲੋਕ ਆਪਣੇ ਆਲੇ-ਦੁਆਲੇ ਦੀ ਦੁਨੀਆਂ ਨਾਲ ਗੱਲਬਾਤ ਕਰਦੇ ਅਤੇ ਉਸ ਬਾਰੇ ਸਿੱਖਦੇ ਹਨ
  • ਗਿਆਨ ਨੂੰ ਵਿਕਸਿਤ ਕਰਨ, ਸਾਂਝਾ ਕਰਨ ਅਤੇ ਲਾਗੂ ਕਰਨ ਤੋਂ
  • ਉਨ੍ਹਾਂ ਸਾਧਨਾਂ ਤੋਂ ਜੋ ਲੋਕ ਬਣਾਉਂਦੇ ਅਤੇ ਵਰਤਦੇ ਹਨ
  • ਲੋਕ ਭਵਿੱਖ ਵਿੱਚ ਕੀ ਬਣਾ ਸਕਦੇ ਹਨ ਅਤੇ ਕੀ ਕਰਨਗੇ
  • ਉਨ੍ਹਾਂ ਨਮੂਨਿਆਂ (ਪੈਟਰਨਾਂ) ਤੋਂ ਜੋ ਲੋਕ ਦੇਖਦੇ ਹਨ
  • ਉਨ੍ਹਾਂ ਕਹਾਣੀਆਂ ਤੋਂ ਜੋ ਲੋਕ ਦੱਸਦੇ ਹਨ ਕਿ ਇਹ ਸਭ ਕਿਵੇਂ ਇਕੱਠੇ ਰਲ ਕੇ ਕੰਮ ਕਰਦੇ ਹਨ।

ਸਾਨੂੰ STEM ਵਿੱਚ ਵਿਭਿੰਨਤਾ ਦੀ ਲੋੜ ਕਿਉਂ ਹੈ?

ਲੋਕਾਂ ਅਤੇ ਰੁਜ਼ਗਾਰ ਨੂੰ ਲੈਣ ਦੀ ਉਹਨਾਂ ਦੀ ਯੋਗਤਾ ਨੂੰ ਪ੍ਰਭਾਵਿਤ ਕਰਨ ਦੇ ਨਾਲ-ਨਾਲ, ਵਿਭਿੰਨਤਾ ਦੀ ਘਾਟ STEM ਦੁਆਰਾ ਸਮਾਜ ਵਿੱਚ ਪਾਏ ਜਾ ਸਕਦੇ ਯੋਗਦਾਨ ਨੂੰ ਸੀਮਿਤ ਕਰਦੀ ਹੈ। ਉਨ੍ਹਾਂ ਸੰਸਥਾਵਾਂ ਵਿੱਚ ਰਚਨਾਤਮਕ ਸਫ਼ਲਤਾ ਅਤੇ ਨਵੀਨਤਾਕਾਰੀ ਢੰਗ ਮਿਲਣ ਦੀਆਂ ਵਧੇਰੇ ਸੰਭਾਵਨਾਵਾਂ ਹੁੰਦੀਆਂ ਹਨ ਜੋ ਇੰਨ੍ਹਾਂ ਵਿੱਚ ਵਿਭਿੰਨਤਾ ਨੂੰ ਅਪਣਾਉਂਦੀਆਂ ਹਨ:

  • ਸੋਚਣ ਦੇ ਤਰੀਕਿਆਂ ਵਿੱਚ
  • ਜੀਵਨ ਦੇ ਅਨੁਭਵਾਂ ਵਿੱਚ
  • ਵੱਖ-ਵੱਖ ਵਿਦਿਅਕ ਯੋਗਤਾਵਾਂ ਵਿੱਚ
  • ਵੱਖ-ਵੱਖ ਪਿਛੋਕੜਾਂ ਵਿੱਚ।

ਵਧੇਰੇ ਵਿਭਿੰਨਤਾ ਤੋਂ ਬਗ਼ੈਰ, ਸਾਡੀ STEM ਪ੍ਰਣਾਲੀ ਆਸਟ੍ਰੇਲੀਆ ਵਾਸੀਆਂ ਲਈ ਇੱਕ ਖੁਸ਼ਹਾਲ ਅਤੇ ਚਿਰ-ਟਿਕਾਊ ਭਵਿੱਖ ਨੂੰ ਯਕੀਨੀ ਬਣਾਉਣ ਅਤੇ ਨਵੀਆਂ ਕਾਢਾਂ ਕੱਢਣ ਵਿੱਚ ਘੱਟ ਸਮਰੱਥ ਹੋਵੇਗੀ।

 ਅਸੀਂ ਕੀ ਹੱਲ ਕਰਨਾ ਚਾਹੁੰਦੇ ਹਾਂ?

ਅਸੀਂ ਹੱਲ ਕਰਨਾ ਚਾਹੁੰਦੇ ਹਾਂ ਕਿ:

  • STEM ਵਿੱਚ ਵਿਭਿੰਨਤਾ ਨੂੰ ਕਿਵੇਂ ਵਧਾਉਣਾ ਹੈ
  • ਸਰਕਾਰ, ਉਦਯੋਗ ਅਤੇ ਭਾਈਚਾਰੇ ਇਸ ਨੂੰ ਸਾਕਾਰ ਕਰਨ ਲਈ ਕਿਵੇਂ ਮਿਲਕੇ ਕੰਮ ਕਰ ਸਕਦੇ ਹਨ।

ਸਰਕਾਰ ਆਸਟ੍ਰੇਲੀਆ ਦੀ STEM ਪ੍ਰਣਾਲੀ ਵਿੱਚ ਵਿਭਿੰਨਤਾ ਨੂੰ ਸੁਧਾਰਨਾ ਚਾਹੁੰਦੀ ਹੈ ਅਤੇ STEM ਵਿੱਚ ਵਿਭਿੰਨਤਾ ਸਮੀਖਿਆ ਦੀ ਅਗਵਾਈ ਕਰਨ ਲਈ ਇੱਕ ਖੁਦਮੁਖਤਿਆਰ ਮਾਹਰ ਪੈਨਲ ਦੀ ਸਥਾਪਨਾ ਕੀਤੀ ਹੈ। ਇਹ ਪੈਨਲ ਚਾਹੁੰਦਾ ਹੈ ਕਿ ਹਰੇਕ ਆਸਟ੍ਰੇਲੀਆਈ STEM-ਅਧਾਰਿਤ ਸਿੱਖਿਆ ਅਤੇ ਕੰਮ ਤੱਕ ਪਹੁੰਚ ਕਰਨ ਦੇ ਯੋਗ ਹੋਵੇ। ਇਹ ਆਸਟ੍ਰੇਲੀਆਈਆਂ ਨੂੰ ਆਪਣੀ ਪ੍ਰਤਿਭਾ, ਵਿਚਾਰਾਂ ਅਤੇ ਨਵੀਨਤਾ ਨੂੰ ਅੱਗੇ ਵਧਾਉਣ ਦਾ ਬੇਹਤਰੀਨ ਮੌਕਾ ਦੇਵੇਗਾ।

ਅਸੀਂ ਚਾਹੁੰਦੇ ਹਾਂ ਕਿ ਤੁਸੀਂ ਮਿਲੇ ਮੌਕਿਆਂ ਅਤੇ ਆਈਆਂ ਰੁਕਾਵਟਾਂ ਦੇ ਅਨੁਭਵਾਂ ਦੀਆਂ ਆਪਣੀਆਂ ਕਹਾਣੀਆਂ STEM ਨਾਲ ਸਾਂਝੀਆਂ ਕਰੋ। ਅਸੀਂ ਉਹਨਾਂ ਲੋਕਾਂ ਦੇ ਦ੍ਰਿਸ਼ਟੀਕੋਣਾਂ ਅਤੇ ਅਨੁਭਵਾਂ ਨੂੰ ਵੀ ਸੁਣਨਾ ਚਾਹਾਂਗੇ ਜੋ ਬਦਲਾਅ ਲਿਆਉਣ ਲਈ ਕੰਮ ਕਰ ਰਹੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਪ੍ਰਦਾਨ ਕਰਦੇ ਹਨ ਅਤੇ ਉਹਨਾਂ ਨਾਲ ਪਰਸਪਰ ਗੱਲਬਾਤ ਕਰਦੇ ਹਨ।

ਅਸੀਂ ਉਹਨਾਂ ਰੁਕਾਵਟਾਂ ਬਾਰੇ ਜਾਣਨਾ ਚਾਹੁੰਦੇ ਹਾਂ ਜਿੰਨ੍ਹਾਂ ਦਾ ਘੱਟ ਨੁਮਾਇੰਦਗੀ ਵਾਲੇ ਸਮੂਹ STEM ਵਿੱਚ ਦਾਖਲ ਹੋਣ, ਭਾਗ ਲੈਣ ਅਤੇ ਬਰਕਰਾਰ ਰਹਿਣ ਵਿੱਚ ਸਾਹਮਣਾ ਕਰਦੇ ਹਨ। ਅਸੀਂ ਇਹਨਾਂ ਰੁਕਾਵਟਾਂ ਨੂੰ ਦੂਰ ਕਰਨ ਦੇ ਤਰੀਕਿਆਂ ਬਾਰੇ ਵੀ ਜਾਣਨਾ ਚਾਹੁੰਦੇ ਹਾਂ। ਅਸੀਂ ਇਹ ਵੀ ਜਾਨਣਾ ਚਾਹੁੰਦੇ ਹਾਂ ਕਿ ਅਸੀਂ ਲੋਕਾਂ ਲਈ STEM ਨੂੰ ਹੋਰ ਸ਼ਮੂਲੀਅਤ ਭਰਿਆ ਕਿਵੇਂ ਬਣਾ ਸਕਦੇ ਹਾਂ। ਇਹ ਲੋਕਾਂ, ਉਹਨਾਂ ਦੇ ਭਾਈਚਾਰਿਆਂ, ਉਹਨਾਂ ਦੇ ਵਾਤਾਵਰਣ ਅਤੇ ਸਾਰੇ ਆਸਟ੍ਰੇਲੀਆ ਲਈ ਚੰਗਾ ਹੋਵੇਗਾ।

ਅਸੀਂ ਉਹਨਾਂ ਧਾਰਨਾਵਾਂ ਬਾਰੇ ਵੀ ਜਾਨਣਾ ਚਾਹੁੰਦੇ ਹਾਂ ਜੋ ਸਾਡੇ ਆਧੁਨਿਕ ਸੰਸਾਰ ਵਿੱਚ ਬਣੀਆਂ ਹੋਈਆਂ ਹਨ ਜੋ ਰੁਕਾਵਟਾਂ ਵਜੋਂ ਕੰਮ ਕਰ ਸਕਦੀਆਂ ਹਨ।

ਧਾਰਨਾਵਾਂ

ਸਮਾਜ ਲੋਕਾਂ ਦੀਆਂ ਯੋਗਤਾਵਾਂ ਬਾਰੇ ਧਾਰਨਾਵਾਂ ਬਣਾ ਲੈਂਦਾ ਹੈ, ਅਤੇ ਇਹ ਧਾਰਨਾਵਾਂ ਰੁਕਾਵਟਾਂ ਪੈਦਾ ਕਰ ਸਕਦੀਆਂ ਹਨ।

ਉਦਾਹਰਨ ਲਈ, ਸਾਡੇ ਬਣਾਏ ਸੰਸਾਰ ਵਿੱਚ ਪੌੜੀਆਂ ਹਰ ਥਾਂ ਹਨ, ਅਤੇ ਕੁੱਝ ਖੇਤਰ ਸਿਰਫ਼ ਪੌੜੀਆਂ ਦੁਆਰਾ ਹੀ ਪਹੁੰਚਯੋਗ ਹਨ। ਇਹ ਮੰਨਦਾ ਹੈ ਕਿ ਹਰ ਕੋਈ ਪੌੜੀਆਂ ਦੀ ਵਰਤੋਂ ਕਰ ਸਕਦਾ ਹੈ। ਨਤੀਜੇ ਵਜੋਂ, ਪੌੜੀਆਂ ਸੀਮਤ ਤੁਰਨ-ਫਿਰਨ ਦੀ ਸਮਰੱਥਾ ਵਾਲੇ ਲੋਕਾਂ ਲਈ ਇੱਕ ਰੁਕਾਵਟ ਵਜੋਂ ਕੰਮ ਕਰ ਸਕਦੀਆਂ ਹਨ।

ਅਜਿਹਾ ਕੁੱਝ ਸਾਰੇ ਸਮਾਜ ਵਿੱਚ ਵਾਪਰਦਾ ਹੈ। ਕੁੱਝ ਉਦਾਹਰਨਾਂ ਪ੍ਰਤੱਖ ਦਿਸਦੀਆਂ ਹਨ, ਜਿਵੇਂ ਪੌੜੀਆਂ। ਦੂਸਰੀਆਂ ਘੱਟ ਦਿਖਾਈ ਦਿੰਦੀਆਂ ਹਨ, ਜਿਵੇਂ ਸੰਸਥਾਵਾਂ, ਪ੍ਰਕਿਰਿਆਵਾਂ ਅਤੇ ਯੋਗਤਾਵਾਂ। ਪਰ ਇਹ ਸਾਰੀਆਂ ਗੱਲਾਂ ਲੋਕਾਂ ਬਾਰੇ ਧਾਰਨਾਵਾਂ ਬਣਾਉਂਦੀਆਂ ਹਨ। ਇਸਦਾ ਮਤਲਬ ਹੈ ਕਿ ਕੁੱਝ ਗੁਣ (ਜਿਵੇਂ ਕਿ ਨਿਊਰੋਟਿਪੀਕਲ ਹੋਣਾ) ਅਕਸਰ ਫ਼ਾਇਦੇਮੰਦ ਹੁੰਦੇ ਹਨ ਜਦੋਂ ਕਿ ਕੁੱਝ ਹੋਰ ਗੁਣ (ਜਿਵੇਂ ਕਿ ਨਿਊਰੋਡਾਈਵਰਜੈਂਟ ਹੋਣਾ) ਘਾਟੇ ਵਾਲੇ ਹੁੰਦੇ ਹਨ।

ਪੱਖਪਾਤ ਅਤੇ ਰੂੜ੍ਹੀਵਾਦ

ਧਾਰਨਾਵਾਂ ਵਿਅਕਤੀਗਤ ਅਤੇ ਢਾਂਚਾਗਤ ਪੱਖਪਾਤ ਦਾ ਕਾਰਨ ਹੋ ਸਕਦੀਆਂ ਹਨ, ਭਾਵੇਂ ਜਾਣੇ ਜਾਂ ਅਣਜਾਣੇ ਵਿੱਚ, ਖੁੱਲ੍ਹੀਆਂ ਜਾਂ ਲੁਕਵੀਆਂ ਹੋਣ। ਪੱਖਪਾਤ ਕਿਸੇ ਵਿਸ਼ੇਸ਼ ਵਿਅਕਤੀ ਜਾਂ ਸਮੂਹ ਦੇ ਵਿਰੁੱਧ ਅਣਉਚਿਤ ਪੱਖਪਾਤ ਹੁੰਦੇ ਹਨ, ਅਤੇ ਉਹ ਅਕਸਰ ਦੂਜਿਆਂ ਲਈ ਅਦਿੱਖ ਰੂਪ ਵਿੱਚ ਬਣ ਸਕਦੇ ਅਤੇ ਕੰਮ ਕਰ ਸਕਦੇ ਹਨ। ਉਹਨਾਂ ਲੋਕਾਂ ਲਈ ਜੋ ਸਮਾਜ ਦੀਆਂ ਧਾਰਨਾਵਾਂ ਨਾਲ ਮੇਲ ਨਹੀਂ ਖਾਂਦੇ ਹਨ, STEM ਵਿੱਚ ਦਾਖਲਾ ਲੈਣਾ, ਭਾਗੀਦਾਰੀ ਕਰਨਾ, ਬਰਕਰਾਰ ਰਹਿਣਾ ਅਤੇ ਤਰੱਕੀ ਕਰਨਾ ਵਧੇਰੇ ਮੁਸ਼ਕਲ ਹੈ।

STEM 'ਤੇ ਧਾਰਨਾਵਾਂ ਲਾਗੂ ਹੋਣ ਦਾ ਇੱਕ ਤਰੀਕਾ ਇਹ ਵੀ ਹੈ ਕਿ ਲੋਕ 'ਵਿਗਿਆਨ' ਬਾਰੇ ਕਿਵੇਂ ਸੋਚਦੇ ਹਨ। ਬਹੁਤ ਸਾਰੇ ਲੋਕ 'ਵਿਗਿਆਨ ਕਰਨ' ਦੀ ਵਿਆਖਿਆ ਪ੍ਰਯੋਗਸ਼ਾਲਾ ਵਿੱਚ ਕੰਮ ਕਰਨ, ਚਿੱਟਾ ਕੋਟ ਪਹਿਨਣ ਅਤੇ ਟੈਸਟ ਟਿਊਬਾਂ ਦੀ ਵਰਤੋਂ ਕਰਨ ਦੇ ਰੂਪ ਵਿੱਚ ਕਰਦੇ ਹਨ। ਪਰ ਵਿਗਿਆਨ ਬਾਰੇ ਇਹ ਸੋਚ ਬਹੁਤ ਸਾਰੇ ਲੋਕਾਂ ਨੂੰ ਬਾਹਰ ਰੱਖਦੀ ਹੈ, ਜਿਸ ਵਿੱਚ ਬਹੁਤ ਸਾਰੇ ਪਹਿਲੇ ਰਾਸ਼ਟਰ (First Nations) ਦੇ ਲੋਕ ਵੀ ਸ਼ਾਮਲ ਹਨ ਜੋ ਕਈ ਪ੍ਰਮਾਣਿਕ ​​ਅਤੇ ਅਹਿਮ ਤਰੀਕਿਆਂ ਦੁਆਰਾ ਦੇਸ਼ ਬਾਰੇ ਆਪਣੇ ਗਿਆਨ (Knowledge of Country) ਨੂੰ ਵਿਕਸਿਤ ਕਰਦੇ ਹਨ।

ਵਿਗਿਆਨ ਦੀ ਸੌੜੀ ਸਮਝ ਕੁੱਝ ਲੋਕਾਂ ਦੇ ਕੰਮ ਨੂੰ ਉਤਸ਼ਾਹਿਤ ਕਰਦੀ ਹੈ ਜਦੋਂ ਕਿ ਦੂਜਿਆਂ ਦੇ ਕੰਮ ਨੂੰ ਪਛਾਣਦੀ ਵੀ ਨਹੀਂ ਹੈ। ਸਲੂਕ ਵਿੱਚ ਇਹ ਅੰਤਰ ਲੋਕਾਂ ਨੂੰ ਵਿਗਿਆਨ ਦੀ ਪੜ੍ਹਾਈ ਕਰਨ ਜਾਂ ਆਪਣੇ-ਆਪ ਨੂੰ ਇੱਕ ਵਿਗਿਆਨੀ ਵਜੋਂ ਦੇਖਣ ਤੋਂ ਨਿਰਾਸ਼ ਕਰ ਸਕਦਾ ਹੈ।

ਇਕ ਹੋਰ ਤਰੀਕਾ ਜਿਸ ਨਾਲ ਧਾਰਨਾਵਾਂ ਰੁਕਾਵਟਾਂ ਪੈਦਾ ਕਰ ਸਕਦੀਆਂ ਹਨ ਉਹ ਇਹ ਮੰਨਣਾ ਹੈ ਕਿ ਹਰ ਕੋਈ ਅੰਗਰੇਜ਼ੀ ਬੋਲਦਾ ਹੈ ਅਤੇ ਇੱਕੋ ਤਰ੍ਹਾਂ ਹੀ ਅੰਗਰੇਜ਼ੀ ਦੀ ਵਰਤੋਂ ਕਰਦਾ ਹੈ। ਵਿਗਿਆਨਕ ਦਸਤਾਵੇਜ਼ਾਂ ਨੂੰ ਅਕਸਰ ਅਕਾਦਮਿਕ ਅੰਗਰੇਜ਼ੀ ਭਾਸ਼ਾ ਵਿੱਚ ਜਮ੍ਹਾਂ ਕਰਾਉਣ ਦੀ ਲੋੜ ਹੁੰਦੀ ਹੈ, ਅਤੇ STEM ਸਿੱਖਿਆ ਵਿੱਚ ਅਕਸਰ ਤਕਨੀਕੀ ਭਾਸ਼ਾ ਅਤੇ ਮੁਹਾਵਰੇਦਾਰ ਸ਼ਬਦਾਵਲੀ ਦਾ ਕੁੱਝ ਰੂਪ ਸ਼ਾਮਲ ਹੁੰਦਾ ਹੈ। ਇਹ STEM ਵਿੱਚ ਸਿੱਖਣ ਅਤੇ ਭਾਗ ਲੈਣ ਵਿੱਚ ਰੁਕਾਵਟਾਂ ਹੋ ਸਕਦੀਆਂ ਹਨ।

ਅਸਮਾਨਤਾ

ਕੁੱਝ ਸਮੂਹਾਂ ਨੂੰ ਸਿੱਖਿਆ, ਸਰੋਤਾਂ ਅਤੇ ਸਿਖਲਾਈ ਤੱਕ ਪਹੁੰਚ ਕਰਨ ਵਿੱਚ ਭੇਦਭਾਵ ਅਤੇ ਅਸਮਾਨਤਾ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਉਦਾਹਰਨ ਲਈ, ਕਿਸੇ ਖੇਤਰੀ ਜਾਂ ਦੂਰ-ਦੁਰਾਡੇ ਦੇ ਖੇਤਰ ਵਿੱਚ ਵੱਡੇ ਹੋਣ ਵਾਲੇ ਵਿਅਕਤੀ ਨੂੰ ਕਿਸੇ ਵੱਡੇ ਸ਼ਹਿਰ ਵਿੱਚ ਵੱਡੇ ਹੋਣ ਵਾਲੇ ਵਿਅਕਤੀ ਵਾਂਗ ਵਿਦਿਅਕ ਮੌਕੇ ਨਹੀਂ ਮਿਲ ਸਕਦੇ ਹਨ। ਇਹ ਉਹਨਾਂ ਲਈ ਉਸ STEM ਕੰਮ ਨੂੰ ਪ੍ਰਾਪਤ ਕਰਨਾ ਔਖਾ ਬਣਾ ਸਕਦਾ ਹੈ ਜਿਸ ਲਈ ਕੁੱਝ ਯੋਗਤਾਵਾਂ ਦੀ ਲੋੜ ਹੁੰਦੀ ਹੈ।

ਆਸਟ੍ਰੇਲੀਆਈ ਸਮਾਜ ਦੇ ਕਿਸੇ ਵੀ ਹਿੱਸੇ ਵਿੱਚ ਭੇਦਭਾਵ ਹੁੰਦਾ ਹੋ ਸਕਦਾ ਹੈ। ਲੋਕਾਂ ਨੂੰ ਉਹਨਾਂ ਦੀ ਯੋਗਤਾ, ਉਮਰ, ਲਿੰਗ ਸਮੀਕਰਨ, ਨਸਲ, ਧਰਮ, ਜਿਨਸੀ ਝੁਕਾਅ ਜਾਂ ਹੋਰ ਗੁਣਾਂ ਦੇ ਕਾਰਨ ਬਾਹਰ ਰੱਖਿਆ ਜਾਂ ਨਿਸ਼ਾਨਾ ਬਣਾਇਆ ਜਾਂਦਾ ਹੈ। ਇਸ ਕਿਸਮ ਦਾ ਭੇਦਭਾਵ ਸਪੱਸ਼ਟ ਜਾਂ ਲੁਕਵਾਂ ਹੋ ਸਕਦਾ ਹੈ, ਪਰ ਇਹ ਅਕਸਰ ਵਿਆਪਕ ਤੌਰ 'ਤੇ ਫ਼ੈਲਿਆ ਅਤੇ ਹੱਲ ਕਰਨਾ ਔਖਾ ਹੁੰਦਾ ਹੈ। ਭੇਦਭਾਵ ਦਾ ਸਿੱਖਿਆ ਅਤੇ ਪੇਸ਼ੇ ਲਈ ਵਿਕਲਪਾਂ ਦੀ ਖੋਜ ਕਰਨ ਵਾਲੇ ਲੋਕਾਂ 'ਤੇ ਇੱਕ ਵੱਡਾ ਪ੍ਰਭਾਵ ਪੈ ਸਕਦਾ ਹੈ।

ਵਿਭਿੰਨਤਾ ਦੇ ਰਾਹ 'ਤੇ ਕਦਮ-ਦਰ-ਕਦਮ ਚੱਲਣਾ

ਇਹ ਸਮੱਸਿਆਵਾਂ ਵੱਡੀਆਂ, ਗੁੰਝਲਦਾਰ ਅਤੇ ਅਕਸਰ ਡੂੰਘੀਆਂ ਹੁੰਦੀਆਂ ਹਨ। ਅਤੇ ਅਸੀਂ ਜਾਣਦੇ ਹਾਂ ਕਿ ਇੱਥੇ STEM ਵਿੱਚ ਵਿਭਿੰਨਤਾ ਲਈ ਉੱਪਰ ਦਿੱਤੀਆਂ ਉਦਾਹਰਨਾਂ ਨਾਲੋਂ ਬਹੁਤ ਜ਼ਿਆਦਾ ਰੁਕਾਵਟਾਂ ਹਨ। ਉਹਨਾਂ ਨੂੰ ਹੱਲ ਕਰਨ ਲਈ ਸਮੂਹਿਕ, ਨਿਰੰਤਰ ਕਾਰਵਾਈ ਕਰਨ ਦੀ ਲੋੜ ਹੈ।

ਅਸੀਂ ਸੋਚਦੇ ਹਾਂ ਕਿ ਸਾਨੂੰ ਇਸ ਬਾਰੇ ਖੁੱਲ੍ਹੀ, ਇਮਾਨਦਾਰ ਗੱਲਬਾਤ ਕਰਨ ਦੀ ਲੋੜ ਹੈ ਕਿ ਇਹ ਦੁਨੀਆਂ ਕਿਹੋ ਜਿਹੀ ਹੈ ਅਤੇ ਅਸੀਂ ਇਸ ਨੂੰ ਸੁਧਾਰਨ ਲਈ ਕਿਵੇਂ ਮਿਲ ਕੇ ਕੰਮ ਕਰ ਸਕਦੇ ਹਾਂ। ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਇਹ ਮੁੱਦੇ STEM ਵਿੱਚ ਕਿਵੇਂ ਲਾਗੂ ਹੁੰਦੇ ਹਨ, ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਕਿੱਥੇ ਗਲਤ ਧਾਰਨਾਵਾਂ ਬਣਾਈਆਂ ਜਾ ਰਹੀਆਂ ਹਨ ਜਾਂ ਕਿੱਥੇ ਕਿਸੇ ਖ਼ਾਸ ਲੋਕਾਂ ਜਾਂ ਸਮੂਹਾਂ ਨੂੰ ਫ਼ਾਇਦਾ ਹੋ ਰਿਹਾ ਹੈ।

ਸਾਨੂੰ ਵੱਧ ਤੋਂ ਵੱਧ ਵੱਖ-ਵੱਖ ਲੋਕਾਂ ਅਤੇ ਸਮੂਹਾਂ ਤੋਂ ਜਾਣਨ ਦੀ ਲੋੜ ਹੈ, ਕਿਉਂਕਿ ਵਧੇਰੇ ਵਿਭਿੰਨਤਾ ਦਾ ਮਤਲਬ ਹਰੇਕ ਲਈ ਬਿਹਤਰ ਨਤੀਜੇ ਹੋਣਾ ਹੈ।

ਕਿਰਪਾ ਕਰਕੇ ਸਾਨੂੰ ਇਸ ਬਾਰੇ ਦੱਸੋ:

  • STEM ਦਾ ਤੁਹਾਡਾ ਅਨੁਭਵ (ਕਿਸੇ ਵੀ ਮੌਜੂਦਾ ਉਪਾਵਾਂ ਜਾਂ ਪ੍ਰੋਗਰਾਮਾਂ ਸਮੇਤ)
  • STEM ਕੀ ਹੈ ਅਸੀਂ ਇਸ ਬਾਰੇ ਆਮ ਧਾਰਨਾਵਾਂ ਨੂੰ ਕਿਵੇਂ ਠੀਕ ਕਰ ਸਕਦੇ ਹਾਂ
  • ਅਸੀਂ ਇਹਨਾਂ ਧਾਰਨਾਵਾਂ ਨੂੰ ਪੈਦਾ ਕਰਨ ਵਾਲੀਆਂ ਰੁਕਾਵਟਾਂ ਨੂੰ ਕਿਵੇਂ ਹੱਲ ਕਰ ਸਕਦੇ ਹਾਂ
  • STEM ਕਿੰਨ੍ਹਾਂ ਲਈ ਹੈ
  • ਤੁਸੀਂ STEM ਵਿੱਚ ਕਿਵੇਂ ਭਾਗ ਲੈ ਸਕਦੇ ਹੋ ਅਤੇ ਲਾਭ ਲੈ ਸਕਦੇ ਹੋ।

ਜੇਕਰ ਤੁਸੀਂ ਕਿਸੇ ਸੰਸਥਾ ਲਈ ਜਵਾਬ ਦੇ ਰਹੇ ਹੋ, ਤਾਂ ਅਸੀਂ ਤੁਹਾਨੂੰ ਇਹ ਵਿਚਾਰਨ ਲਈ ਉਤਸ਼ਾਹਿਤ ਕਰਦੇ ਹਾਂ ਕਿ ਤੁਹਾਡੀ ਸੰਸਥਾ ਹਰੇਕ ਸਵਾਲ ਦੇ ਸੰਦਰਭ ਵਿੱਚ STEM ਪ੍ਰਣਾਲੀ ਵਿੱਚ ਕਿਵੇਂ ਭਾਗ ਲੈਂਦੀ ਹੈ।

ਵਿਚਾਰ ਕਰਨ ਲਈ ਸਵਾਲ

ਅਸੀਂ ਆਸਟ੍ਰੇਲੀਆ ਭਰ ਦੇ ਭਾਈਚਾਰਿਆਂ ਤੋਂ ਵੱਖ-ਵੱਖ ਸਰੂਪਾਂ ਵਿੱਚ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਮੰਗ ਰਹੇ ਹਾਂ। ਤੁਸੀਂ ਕਿਵੇਂ ਜਵਾਬ ਦੇ ਸਕਦੇ ਹੋ ਇਸ ਬਾਰੇ ਹੋਰ ਜਾਣਕਾਰੀ ਲਈ consult.industry.gov.au/diversityinstem1 'ਤੇ ਜਾਓ।

ਆਓ ਸ਼ੁਰੂ ਕਰੀਏ

1. ਤੁਹਾਡੇ ਲਈ STEM ਦਾ ਕੀ ਅਰਥ ਹੈ?

ਤੁਸੀਂ ਇਸ ਬਾਰੇ ਸੋਚਣਾ ਪਸੰਦ ਕਰ ਸਕਦੇ ਹੋ:

  • ਤੁਹਾਡੇ ਲਈ, ਤੁਹਾਡੇ ਖੇਤਰ ਜਾਂ ਤੁਹਾਡੀ ਸੰਸਥਾ ਲਈ STEM ਵਿੱਚ ਸ਼ਾਮਲ ਹੋਣਾ ਅਹਿਮ ਕਿਉਂ ਹੈ
  • ਤੁਹਾਨੂੰ (STEM ਵਿੱਚ) ਕਿਸ ਚੀਜ਼ 'ਤੇ ਸਭ ਤੋਂ ਵੱਧ ਮਾਣ ਹੈ
  • STEM ਤੁਹਾਡੇ ਲਈ ਅਹਿਮ ਕਿਉਂ ਹੈ, ਇਸ ਵਿੱਚ ਵਿਭਿੰਨਤਾ ਕਿਵੇਂ ਯੋਗਦਾਨ ਪਾਉਂਦੀ ਹੈ।

2. STEM ਵਿੱਚ ਪਹੁੰਚ ਕਰਨ ਅਤੇ ਸੰਬੰਧਿਤ ਹੋਣ (ਜਾਂ ਨਾਂ ਹੋਣ) ਬਾਰੇ ਤੁਹਾਡੀਆਂ ਕਹਾਣੀਆਂ ਜਾਂ ਦ੍ਰਿਸ਼ਟੀਕੋਣ ਕੀ ਹੈ?

ਤੁਸੀਂ ਇਸ ਬਾਰੇ ਸੋਚਣਾ ਪਸੰਦ ਕਰ ਸਕਦੇ ਹੋ:

  • ਕੋਈ ਵੀ ਮੌਕੇ ਜੋ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਕੋਲ ਹੁਣ ਹੋਣ, ਅਤੀਤ ਵਿੱਚ ਹੁੰਦੇ ਜਾਂ ਭਵਿੱਖ ਵਿੱਚ ਹੋਣ
  • ਜੇਕਰ ਤੁਹਾਨੂੰ ਇਹ ਮੌਕੇ (ਅਤੀਤ, ਵਰਤਮਾਨ ਜਾਂ ਭਵਿੱਖ ਵਿੱਚ) ਪ੍ਰਦਾਨ ਕੀਤੇ ਜਾ ਸਕਦੇ, ਤਾਂ ਉਹ ਪਹੁੰਚ ਅਤੇ ਸੰਬੰਧਿਤ ਹੋਣ ਵਿੱਚ ਕਿਵੇਂ ਯੋਗਦਾਨ ਪਾਉਂਦੇ
  • ਤੁਹਾਡੇ ਸਮੇਤ, ਸੰਸਥਾਵਾਂ ਨੇ ਵਿਭਿੰਨਤਾ ਦੀ ਕਮੀ ਨੂੰ ਕਿਵੇਂ ਹੱਲ ਕੀਤਾ ਹੈ, ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਉਹਨਾਂ ਨੇ ਬਦਲਾਅ ਦੇ ਮੌਕਿਆਂ ਨੂੰ ਅਪਣਾਇਆ ਅਤੇ ਵਿਕਾਸ ਕੀਤਾ ਹੈ
  • ਕੋਈ ਵੀ ਹਾਂ-ਪੱਖੀ ਜਾਂ ਨਾਂਹ-ਪੱਖੀ ਅਨੁਭਵ ਜੋ STEM ਦੇ ਢਾਂਚੇ (ਮਤਲਬ ਸੰਸਥਾਵਾਂ, ਪ੍ਰਕਿਰਿਆਵਾਂ, ਯੋਗਤਾਵਾਂ, ਆਦਿ) ਦੇ ਅੰਦਰ ਤੁਹਾਡੇ ਨਾਲ ਹੋਏ ਜਾਂ ਤੁਸੀਂ ਬਣਾਏ ਹਨ।

3. ਅਸੀਂ ਆਪਣੀ STEM ਪ੍ਰਣਾਲੀ ਦੀਆਂ ਅਣਜਾਣ ਧਾਰਨਾਵਾਂ ਨੂੰ ਕਿਵੇਂ ਠੀਕ ਕਰ ਸਕਦੇ ਹਾਂ, ਜਿਸ ਵਿੱਚ ਅਣਜਾਣੇ ਵਿੱਚ ਕੀਤਾ ਭੇਦਭਾਵ ਸ਼ਾਮਲ ਹੈ?

ਤੁਸੀਂ ਇਸ ਬਾਰੇ ਸੋਚਣਾ ਪਸੰਦ ਕਰ ਸਕਦੇ ਹੋ:

  • ਤੁਸੀਂ ਕਿਸਨੂੰ 'ਆਮ ਤੌਰ 'ਤੇ ਪ੍ਰਸਿੱਧ' STEM ਵਰਕਰ ਵਜੋਂ ਦੇਖਿਆ ਹੈ - ਉਹ ਕੀ ਕਰਦੇ ਹਨ? ਉਹ ਕਿਸ ਤਰ੍ਹਾਂ ਦੇ ਦਿਖਾਈ ਦਿੰਦੇ ਹਨ? ਉਨ੍ਹਾਂ ਦਾ ਪਿਛੋਕੜ ਕੀ ਹੈ?
  • ਤੁਸੀਂ ਕੀ ਸੋਚਦੇ ਹੋ ਕਿ ਕਿਸਨੂੰ 'ਆਮ ਤੌਰ 'ਤੇ ਪ੍ਰਸਿੱਧ' STEM ਸੰਸਥਾ ਵਜੋਂ ਦੇਖਿਆ ਜਾਂਦਾ ਹੈ - ਉਹ ਕੀ ਕਰਦੇ ਹਨ? ਉਹ ਕਿਸ ਤਰ੍ਹਾਂ ਦੇ ਦਿਖਾਈ ਦਿੰਦੇ ਹਨ? ਉਨ੍ਹਾਂ ਦੀ ਅਗਵਾਈ ਕੌਣ ਕਰਦਾ ਹੈ?
  • ਜਦੋਂ ਤੁਸੀਂ STEM ਸਿੱਖਿਆ, STEM ਪ੍ਰੋਗਰਾਮਾਂ ਅਤੇ STEM ਕਰਮਚਾਰੀਆਂ ਨੂੰ ਡਿਜ਼ਾਈਨ ਕਰਨ ਜਾਂ ਭਾਗ ਲੈਣ ਦੀ ਗੱਲ ਕਰਦੇ ਹੋ ਤਾਂ ਤੁਹਾਡੇ ਵਿਚਾਰ ਵਿੱਚ ਕਿਸ ਕੋਲ ਸ਼ਕਤੀ ਜਾਂ ਨਿਯੰਤਰਣ ਹੈ
  • ਅਸੀਂ ਇਸ ਸੱਭਿਆਚਾਰ/ਮਾਹੌਲ ਨੂੰ ਬਦਲਣ ਵਿੱਚ ਕਿਵੇਂ ਸਹਾਇਤਾ ਕਰ ਸਕਦੇ ਹਾਂ
  • ਜੇਕਰ ਅਸੀਂ ਇਸ ਚੁਣੌਤੀ ਨੂੰ ਹੱਲ ਨਹੀਂ ਕਰਦੇ ਤਾਂ ਤੁਸੀਂ ਕਿਸ ਚੀਜ਼ ਤੋਂ ਸਭ ਤੋਂ ਵੱਧ ਡਰਦੇ ਹੋ
  • ਸਭ ਤੋਂ ਜ਼ਰੂਰੀ ਲੋੜ ਕੀ ਹੈ
  • ਇਹ ਸਮੀਖਿਆ ਸਹਾਇਤਾ ਕਰਨ ਲਈ ਕੀ ਕਰ ਸਕਦੀ ਹੈ।

4. ਕੀ ਤੁਹਾਡੇ ਕੋਲ ਆਸਟ੍ਰੇਲੀਆ ਦੀ STEM ਪ੍ਰਣਾਲੀ ਦੀ ਵਿਭਿੰਨਤਾ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਮੌਜੂਦਾ ਉਪਾਵਾਂ ਜਾਂ ਪ੍ਰੋਗਰਾਮਾਂ (ਸਰਕਾਰੀ ਫ਼ੰਡ ਪ੍ਰਾਪਤ ਜਾਂ ਉਸਤੋਂ ਬਗ਼ੈਰ) ਦਾ ਅਨੁਭਵ ਹੈ?

ਤੁਸੀਂ ਇਸ ਬਾਰੇ ਸੋਚਣਾ ਪਸੰਦ ਕਰ ਸਕਦੇ ਹੋ:

  • ਕੀ ਤੁਹਾਡਾ ਅਨੁਭਵ ਸਕਾਰਾਤਮਕ ਸੀ ਜਾਂ ਨਕਾਰਾਤਮਕ
  • ਇਹ ਪ੍ਰੋਗਰਾਮ ਕਿਸ ਲੋੜ, ਰੁਕਾਵਟ ਜਾਂ ਮੌਕੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦਾ ਹੈ/ ਕਰਦੇ ਹਨ
  • ਇਹ ਪ੍ਰਣਾਲੀਗਤ ਜਾਂ ਸੱਭਿਆਚਾਰਕ ਤਬਦੀਲੀ ਵਿੱਚ ਕਿਵੇਂ ਯੋਗਦਾਨ ਪਾਉਂਦਾ ਹੈ
  • ਤੁਸੀਂ ਇਹਨਾਂ ਪ੍ਰੋਗਰਾਮਾਂ ਦੀ ਪ੍ਰਭਾਵਸ਼ੀਲਤਾ ਨੂੰ ਕਿਵੇਂ ਸੁਧਾਰੋਗੇ।

ਆਓ ਹੱਲਾਂ ਬਾਰੇ ਗੱਲ ਕਰੀਏ

5. ਕਿਹੜੇ ਹੱਲ STEM ਵਿੱਚ ਵਿਭਿੰਨਤਾ ਵਧਾਉਣਗੇ?

ਤੁਸੀਂ ਇਸ ਬਾਰੇ ਸੋਚਣਾ ਪਸੰਦ ਕਰ ਸਕਦੇ ਹੋ:

  • ਤੁਹਾਡੀ ਸੰਸਥਾ, ਉਦਯੋਗ ਜਾਂ ਖੇਤਰ ਵਿੱਚ ਕੀ ਕਾਰਗਰ ਹੋ ਰਿਹਾ ਹੈ
    • ਹੋਰ ਲੋਕਾਂ ਜਾਂ ਸਮੂਹਾਂ ਦੀ ਸਹਾਇਤਾ ਲਈ ਇਨ੍ਹਾਂ ਨੂੰ ਕਿਵੇਂ ਫ਼ੈਲਾਇਆ ਜਾਂ ਵਧਾਇਆ ਜਾ ਸਕਦਾ ਹੈ
  • ਉਹ ਕਾਰਵਾਈਆਂ ਜੋ ਲੋਕਾਂ, ਉਦਯੋਗ, ਅਕਾਦਮਿਕ, ਸਰਕਾਰਾਂ ਅਤੇ ਭਾਈਚਾਰਿਆਂ ਦੁਆਰਾ ਕੀਤੀਆਂ ਜਾ ਸਕਦੀਆਂ ਹਨ
  • (ਕੰਮ ਕਰਨ ਦਾ ਸਭ ਤੋਂ ਵਧੀਆ ਤਰੀਕਾ) ਸਹੀ ਪ੍ਰਾਪਤ ਕਰਨ ਲਈ ਕੀ ਅਹਿਮ ਹੈ
    • ਇਹ ਵਿਹਾਰਕ ਸੁਝਾਅ ਜਾਂ ਤਰੀਕੇ ਹੋ ਸਕਦੇ ਹਨ।

6. STEM ਵਿੱਚ ਵਿਭਿੰਨਤਾ ਨੂੰ ਵਧਾਉਣ ਦੀਆਂ ਕੋਸ਼ਿਸ਼ਾਂ ਕਿਵੇਂ ਬਿਹਤਰ ਹੋ ਸਕਦੀਆਂ ਹਨ, ਅਤੇ ਭਵਿੱਖ ਵਿੱਚ ਕਿਵੇਂ ਵਧੇਰੇ ਪ੍ਰਭਾਵ ਪਾ ਸਕਦੀਆਂ ਹਨ?

ਤੁਸੀਂ ਇਸ ਬਾਰੇ ਸੋਚਣਾ ਪਸੰਦ ਕਰ ਸਕਦੇ ਹੋ:

  • ਕੀ ਵੱਖਰਾ ਕੀਤਾ ਜਾ ਸਕਦਾ ਹੈ
  • ਉਹ ਮੁੱਦੇ ਜੋ ਤੁਸੀਂ ਨੀਤੀਆਂ ਜਾਂ ਪ੍ਰੋਗਰਾਮਾਂ ਦੇ ਵਿਕਾਸ, ਪ੍ਰਬੰਧਨ, ਡਿਲੀਵਰੀ ਜਾਂ ਮੁਲਾਂਕਣ ਦੇ ਨਾਲ ਵੇਖੇ ਹਨ
  • ਅਣਇੱਛਤ ਨਕਾਰਾਤਮਕ ਨਤੀਜਿਆਂ ਬਾਰੇ, ਅਤੇ ਉਹ ਕਿਵੇਂ ਆਏ ਹੋ ਸਕਦੇ ਹਨ
  • ਵਿਚਾਰਨ ਲਈ ਮਹੱਤਵਪੂਰਨ ਗੱਲਾਂ ਬਾਰੇ।

7. ਤੁਸੀਂ ਕੀ ਚਾਹੁੰਦੇ ਹੋ ਕਿ ਇਸ ਸਮੀਖਿਆ ਦੇ ਨਤੀਜੇ ਵਜੋਂ ਕੀ ਸਾਹਮਣੇ ਆਵੇ?

ਤੁਸੀਂ ਇਸ ਬਾਰੇ ਸੋਚਣਾ ਪਸੰਦ ਕਰ ਸਕਦੇ ਹੋ:

  • ਇਸ ਸਮੀਖਿਆ ਲਈ ਸਫ਼ਲਤਾ ਕੀ ਹੋ ਸਕਦੀ ਹੈ
  • ਸੰਭਵ ਸਿਫ਼ਾਰਸ਼ਾਂ, ਨੀਤੀਆਂ, ਪ੍ਰੋਗਰਾਮ ਜਾਂ ਸ਼ਾਸਨ ਬਾਰੇ
  • ਸਭ ਤੋਂ ਜ਼ਰੂਰੀ ਲੋੜ ਕੀ ਹੈ।

ਆਪਣੀ ਪਸੰਦ ਅਨੁਸਾਰ ਕੁੱਝ ਵੱਡਾ, ਖ਼ਾਸ ਜਾਂ ਆਮ ਤੋਂ ਵੱਖਰਾ ਸੋਚਣ ਲਈ ਬੇਝਿਜਕ ਮਹਿਸੂਸ ਕਰੋ।

8. ਕੀ ਕੋਈ ਹੋਰ ਚੀਜ਼ ਹੈ ਜੋ ਤੁਸੀਂ ਸਾਨੂੰ ਦੱਸਣਾ ਚਾਹੁੰਦੇ ਹੋ?

 

ਹੋਰ ਜਾਣਕਾਰੀ

ਭਵਿੱਖ ਵਿੱਚ ਹੋਣ ਵਾਲੇ ਸਲਾਹ-ਮਸ਼ਵਰੇ ਦੇ ਪੜਾਵਾਂ ਸਮੇਤ, ਇਸ ਕੰਮ ਬਾਰੇ ਈ-ਮੇਲ ਰਾਹੀਂ ਤਾਜ਼ਾ ਜਾਣਕਾਰੀ ਪ੍ਰਾਪਤ ਕਰਨ ਲਈ, industry.gov.au/DiversityInSTEMSubscribe 'ਤੇ ਸਬਸਕ੍ਰਾਈਬ ਕਰੋ।

ਤੁਸੀਂ industry.gov.au/DiversityInSTEM 'ਤੇ ਜਾ ਕੇ ਸਮੀਖਿਆ ਅਤੇ ਪੈਨਲ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।